
ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ।
ਵਿੱਦਿਆ ਨੂੰ ਮਨੁੱਖ ਦਾ ‘ਤੀਜਾ ਨੇਤਰ’ ਕਿਹਾ ਜਾਂਦਾ ਹੈ, ਜੋ ਉਸਦੀ ਜ਼ਿੰਦਗੀ ਦੇ ਹਨੇਰਿਆ ਨੂੰ ਦੂਰ ਕਰਕੇ ਪ੍ਰਕਾਸ਼ ਫ਼ੈਲਾਉਣ ਦਾ ਕੰਮ ਕਰਦਾ ਹੈ ਤੇ ਇਹ ਪ੍ਰਕਾਸ਼ ਮਨੁੱਖ ਦੀਆਂ ਅੰਦਰਲੀਆਂ ਕਲਾਵਾਂ ਨੂੰ ਪ੍ਰਕਾਸ਼ਵਾਨ ਕਰਕੇ ਮਨੁੱਖ ਨੂੰ ਗਿਆਨਵਾਨ ਬਣਾ ਦਿੰਦਾ ਹੈ। ਸੋ ਅਸੀ ਆਪਣੀ ਜ਼ਿੰਦਗੀ ਵਿੱਚ ਤਾਂ ਹੀ ਸਫਲਤਾ ਦੀਆਂ ਮੰਜ਼ਲਾਂ ਸਰ ਕਰਨ ਦੇ ਯੋਗ ਹੋਵਾਂਗੇ ਜੇਕਰ ਅਸੀਂ ਹਰ ਖੇਤਰ ਵਿੱਚ ਗਿਆਨ ਹਾਸਲ ਕਰਕੇ ਇਕ ਸੁਚੱਜੇ ਸਮਾਜ ਦੀ ਸਿਰਜਨਾ ਵੱਲ ਕਦਮ ਵਧਾਵਾਂਗੇ।ਇਸ ਲਈ ਸਮਾਜ ਨੂੰ ਅਗਿਆਨਤਾ ਦੇ ਕੋਹੜ ਤੋਂ ਬਚਾਉਣ ਲਈ ਵਿੱਦਿਆ ਰੂਪੀ ਬਿਰਖ਼ ਦੀਆਂ ਜੜ੍ਹਾਂ ਨੂੰ ਹਰ ਥਾਂ ਫ਼ੈਲਾਉਣਾ ਜ਼ਰੂਰੀ ਹੈ।ਇਸ ਉਦੇਸ਼ ਨੂੰ ਪੂਰਿਆਂ ਕਰਨ ਲਈ ਅਤੇ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਲੜਕੀਆਂ ਦਾ ੳੱੁਚ ਵਿੱਦਿਆ ਹਾਸਲ ਕਰਨਾ ਬੇਹੱਦ ਲਾਜ਼ਮੀ ਹੈ।
ਇਸੇ ਮੰਤਵ ਹਿੱਤ ਦੁਆਬੇ ਦੀ ਸੰੁਦਰ ਧਰਤੀ ਉੱਤੇ ਬੱਚੀਆਂ ਦੀ ਵਿੱਦਿਆ ਦੀ ਨੀਂਹ ਮਜ਼ਬੂਤ ਕਰਨ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਸਾਲ 2001 ਤੋਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਕਾਲਜ ਅਤੇ 2004-2005 ਤੋਂ ਸ੍ਰੀ ਗੁਰੂ ਹਰਿ ਰਾਇ ਸਾਹਿਬ ਸਕੂਲ ਦੀ ਸਥਾਪਨਾ ਸਿੱਖ ਪੰਥ ਦੀ ਮਹਾਨ ਸਖ਼ਸ਼ੀਅਤ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਕੀਤੀ ਗਈ। ਅੱਜ ਮਾਣ ਵਾਲੀ ਗੱਲ ਹੈ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਇਹਨਾਂ ਸੰਸਥਾਵਾਂ ਦੀਆਂ ਹੋਣਹਾਰ ਵਿਿਦਆਰਥਣਾਂ ਨੇ ਹਰ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆ ਹਨ। ਇਸ ਸਿਰਮੌਰ ਕਾਲਜ ਨੇ ਡਾਇਰੈਕਟਰ, ਪ੍ਰਿੰਸੀਪਲ, ਅਧਿਆਪਕ ਵਰਗ ਤੇ ਵਿਿਦਆਰਥਣਾਂ ਦੀ ਮਿਹਨਤ ਸਦਕਾ ਆਪਣੀਆਂ ਅਕਾਦਮਿਕ, ਸਾਹਿਤਕ, ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਨਿਰੰਤਰ ਜਾਰੀ ਰੱਖਿਆ ਹੈ। ਇਸ ਕਾਲਜ ਵਿੱਚੋਂ ਦਾਖਲਾ ਲੈ ਕੇ ਵਿੱਦਿਆ ਗ੍ਰਹਿਣ ਕਰਨਾ ਇੱਕ ਮਾਣ ਵਾਲੀ ਗੱਲ ਹੈ ਕਿਉਂਕਿ ਇਥੋਂ ਪੜ੍ਹ ਕੇ ਗਈਆਂ ਬੱਚੀਆਂ ਅੱਜ ਨਾ ਕੇਵਲ ੳੱੁਚ ਪਦਵੀਆਂ ’ਤੇ ਵਿਰਾਜਮਾਨ ਹਨ ਸਗੋਂ ਸਮਾਜ ਨੂੰ ਸੇਧ ਦੇਣ ਤੇ ਇਸ ਦੀ ਉਨਤੀ ਲਈ ਵੀ ਵਰਣਨਯੋਗ ਹਿੱਸਾ ਪਾ ਰਹੀਆਂ ਹਨ।
ਮੈਂ ਆਸ ਕਰਦੀ ਹਾਂ ਕਿ ਕਾਲਜ ਦੀਆਂ ਇਹ ਬੱਚੀਆਂ ਬੁਰੀ ਸੰਗਤ ਤੋਂ ਦੂਰ ਰਹਿ ਕੇ ਪੂਰਨ ਅਨੁਸਾਸ਼ਨ, ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਕੇ ਇਸ ਕਾਲਜ ਦੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਬਰਕਰਾਰ ਰੱਖਣਗੀਆਂ। ਮੈਂ ਵਿਸ਼ਵਾਸ ਦਵਾਉਂਦੀ ਹਾਂ ਕਿ ਇਹ ਕਾਲਜ ਬੱਚੀਆਂ ਦੇ ਸਮੁੱਚੇ ਵਿਕਾਸ ਲਈ ਹਰ ਮੌਕੇ ਪ੍ਰਦਾਨ ਕਰਦਾ ਰਹੇਗਾ।
ਚੱਬੇਵਾਲ ਦੀ ਇਸ ਧਰਤੀ ਨੂੰ ਸਦਾ ਮਾਣ ਮਿਲਦਾ ਰਿਹਾ ਹੈ ਅਤੇ ਮਿਲਦਾ ਰਹੇਗਾ, ਕਿਉਂਕਿ ਇਸ ਧਰਤੀ ਨੂੰ ਸਤਵੀਂ ਪਾਤਸ਼ਾਹੀ ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ, ਸਾਹਿਬਜਾਦਾ ਅਜੀਤ ਸਿੰਘ ਜੀ, ਬਾਬਾ ਸ਼ੇਖ਼ ਫਰੀਦ ਜੀ ਅਤੇ ਗੁਰਦੇਵ ਮਾਤਾ ਸੁੰਦਰ ਕੌਰ ਜੀ ਨੇ ਆਪਣੇ ਚਰਣ ਛੋਹਾਂ ਨਾਲ ਪਵਿੱਤਰ ਕੀਤਾ ਹੈ ਅਤੇ ਇਸਦੇ ਨਾਲ ਹੀ ਦੇਸ਼-ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਸਮੂਹ ਇਲਾਕਾ ਨਿਵਾਸੀਆਂ ਅਤੇ ਵਿਸ਼ੇਸ਼ ਰੂਪ ਵਿੱਚ ਇਸ ਕਾਲਜ ਦੀ ਜਿੰਦ-ਜਾਨ ਇਸ ਸੰਸਥਾ ਦੇ ਪ੍ਰਧਾਨ ਅਤੇ ਸਰਪ੍ਰਸਤ ਜੱਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ, ਮੁਖੀ ਮਿਸਲ ਸ਼ਹੀਦਾਂ ਤਰਨਾ ਦਲ, ਹਰੀਆਂ ਬੇਲਾਂ ਦੀਆਂ ਸ਼ੁਭ ਇਛਾਵਾਂ ਅਤੇ ਆਸ਼ੀਰਵਾਦ ਇਸ ਕਾਲਜ ਦੀਆਂ ਬੱਚੀਆਂ ਦੇ ਸਿਰ ’ਤੇ ਸਦਾ ਕਾਇਮ ਹੈ ਅਤੇ ਰਹੇਗਾ।
ਮੈਂ ਦਿਲੋਂ ਕਾਮਨਾ ਕਰਦੀ ਹਾਂ ਕਿ ਇਹ ਕਾਲਜ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰਦਾ ਹੋਇਆ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ।
ਬੀਬੀ ਯਸ਼ਪਾਲ ਕੌਰ ਖ਼ਾਲਸਾ(ਹਰੀਆਂ ਬੇਲਾਂ)
ਮੈਂਬਰ ਕਾਲਜ ਗਵਰਨਿੰਗ ਬਾਡੀ